Sunday, April 22, 2012

ਕੱਦੂ ਭੂੰਡੀ (ਪੰਪਕਿਨ ਬੀਟਲ)

ਹੁਣ ਕੱਦੂ,ਲੌਕੀ, ਤੋਰੀਆਂ ਖਾਣ ਦੀ ਰੁੱਤ ਆ ਗਈ ਹੈ ਅਤੇ ਇਸਦੇ ਨਾਲ ਹੀ ਆ ਗਈ ਹੈ ਕੱਦੂ ਭੂੰਡੀ। ਇਹ ਭੂੰਡੀ ਕੱਦੂ ਪ੍ਰਜਾਤੀ ਦੀਆਂ ਸਬਜੀਆਂ ਉੱਪਰ ਹਮਲਾ ਕਰਕੇ ਬਹੁਤ ਨੁਕਸਾਨ ਕਰਦੀ ਹੈ। ਇਸ ਸਮੇਂ ਵਿੱਚ ਜੇ ਕਿਸਾਨ ਸਭ ਤੋਂ ਵੱਧ ਪ੍ਰੇਸ਼ਾਨ ਕਿਸੇ ਤੋਂ ਹੁੰਦੇ ਹਨ ਤਾਂ ਉਹ ਇਹੀ ਹੈ। ਆਉ! ਅੱਜ ਆਪਾਂ ਇਸ ਬਾਰੇ ਜਾਣੀਏ-
ਕੱਦੂ ਭੂੰਡੀ ਦਾ ਵਿਗਿਆਨਕ ਨਾਮ Avlacophora foveicollis ਹੈ ਅਤੇ ਇਹ Chrysomelidae ਪਰਿਵਾਰ ਨਾਲ ਸੰਬੰਧ ਰੱਖਦੀ ਹੈ। ਇਹ ਸਾਨੂੰ ਕੱਦੂ, ਤੋਰੀ, ਲੌਕੀ ਦੀਆਂ ਵੱਲਾ ਉੱਪਰ ਪੱਤੇ ਖਾਂਦੀ ਨਜ਼ਰ ਆਉਂਦੀ ਹੈ। ਇਸ ਕੀਟ ਦੁਆਰਾ ਮਾਰਚ ਤੋਂ ਮਈ ਦੇ ਦੌਰਾਨ ਫਸਲ ਦਾ ਜ਼ਿਆਦਾ ਨੁਕਸਾਨ ਕੀਤਾ ਜਾਂਦਾ ਹੈ ਅਤੇ ਇਸ ਵਿੱਚੋਂ ਵੀ ਸਭ ਤੋਂ ਵੱਧ ਨੁਕਸਾਨ ਅਪ੍ਰੈਲ ਦੇ ਅੱਧ ਵਿੱਚ ਹੁੰਦਾ ਹੈ।
ਪਹਿਚਾਣ-
ਅੰਡੇ ਪੀਲੀ ਭਾਅ ਲਏ ਗੁਲਾਬੀ ਰੰਗ ਦੇ ਗੋਲ ਆਕਾਰ ਦੇ ਹੁੰਦੇ ਹਨ ਜੋ ਕਿ ਕੁੱਝ ਦਿਨਾਂ ਬਾਅਦ ਸੰਤਰੀ ਰੰਗ ਵਿੱਚ ਬਦਲ ਜਾਂਦੇ ਹਨ। ਅੰਡਿਆਂ ਵਿੱਚੋਂ ਬੱਚੇ ਨਿਕਲਣ ਸਾਰ ਬੱਚਿਆਂ ਦਾ ਰੰਗ ਘਸਮੈਲਾ ਚਿੱਟਾ ਹੁੰਦਾ ਹੈ ਅਤੇ ਜਦ ਇਹ ਪੂਰੇ ਵਿਕਸਿਤ ਹੋ ਜਾਂਦੇ ਹਨ ਤਾਂ ਇਹਨਾਂ ਦਾ ਰੰਗ ਕ੍ਰੀਮੀ-ਪੀਲਾ ਹੋ ਜਾਂਦਾ ਹੈ। ਇਹਨਾਂ ਦੀ ਲੰਬਾਈ 22 ਮਿਲੀਮੀਟਰ ਹੁੰਦੀ ਹੈ। ਪਿਊਪਾ ਪਿਲੱਤਣ ਲਏ ਚਿੱਟੇ (pale white)ਰੰਗ ਦੇ ਹੁੰਦੇ ਹਨ ਅਤੇ ਮਿੱਟੀ ਵਿੱਚ 15 ਤੋਂ 25 ਮਿਲੀਮੀਟਰ ਤੱਕ ਦੀ ਡੂੰਘਾਈ ਵਿੱਚ ਰਹਿੰਦੇ ਹਨ। ਬਾਲਗ 6 ਤੋਂ 8 ਮਿਲੀਮੀਟਰ ਦੀ ਲੰਬਾਈ ਦੇ ਹੁੰਦੇ ਹਨ।
ਜੀਵਨ ਚੱਕਰ
ਮਾਦਾ ਪੌਦੇ ਦੇ ਨੇੜੇ ਗਿੱਲੀ ਮਿੱਟੀ ਵਿੱਚ 25 ਮਿਲੀਮੀਟਰ ਦੀ ਗਹਿਰਾਈ ਵਿੱਚ ਪੀਲੇ ਰੰਗ ਦੇ ਅੰਡੇ ਦਿੰਦੀ ਹੈ। ਇੱਕ ਮਾਦਾ 150 ਤੋਂ 200 ਅੰਡੇ ਦਿੰਦੀ ਹੈ। ਅੰਡਿਆਂ ਵਿੱਚੋਂ 5 ਤੋਂ 27 ਦਿਨਾਂ ਦੇ ਅੰਦਰ ਬੱਚੇ ਨਿਕਲਦੇ ਹਨ। ਇਹ ਸਮਾਂ ਤਾਪਮਾਨ ਅਤੇ ਮਿੱਟੀ ਵਿੱਚ ਨਮੀ ਦੀ ਮਾਤਰਾ ਤੇ ਨਿਰਭਰ ਕਰਦਾ ਹੈ। ਗਰੱਬ ਪੌਦਿਆਂ ਦੀਆਂ ਜੜ੍ਹਾ ਖਾਂਦੇ ਹਨ। ਗਰੱਬ 12 ਤੋਂ 34 ਦਿਨਾਂ ਦੇ ਅੰਦਰ ਪੂਰੇ ਵਿਕਸਿਤ ਹੋ ਜਾਂਦੇ ਹਨ ਅਤੇ ਮਿੱਟੀ ਵਿੱਚ ਪਿਊਪਾ ਦੀ ਅਵਸਥਾ ਵਿੱਚ ਚਲੇ ਜਾਂਦੇ ਹਨ। ਪਿਊਪਾ ਅਵਸਥਾ 15 ਤੋਂ 35 ਦਿਨ ਤੱਕ ਦੀ ਹੁੰਦੀ ਹੈ। ਬਾਲਗ 20 ਤੋਂ 197 ਦਿਨਾਂ ਤੱਕ ਜੀਵਿਤ ਰਹਿੰਦੇ ਹਨ। ਇਸ ਤਰਾ ਇਸਦਾ ਜੀਵਨ ਚੱਕਰ 52 ਤੋਂ 270 ਦਿਨਾਂ ਵਿੱਚ ਪੂਰਾ ਹੁੰਦਾ ਹੈ। ਇਹ ਕੀਟ ਨੂੰ ਗਰਮ ਮੌਸਮ ਵਿੱਚ ਜ਼ਿਆਦਾ ਕਿਰਿਆਸ਼ੀਲ ਪਾਇਆ ਗਿਆ ਹੈ ਅਤੇ ਮੱਧ ਅਪ੍ਰੈਲ ਤੱਕ ਇਹ ਪੂਰੇ ਜ਼ੋਰ ਤੇ ਹੁੰਦਾ ਹੈ।
ਮੇਜ਼ਬਾਨ ਪੌਦੇ
ਇਹ ਕੱਦੂ ਪਰਿਵਾਰ ਨਾਲ ਸੰਬੰਧਿਤ ਫਸਲਾਂ ਖੀਰਾ, ਖਰਬੂਜ਼ਾ, ਤਰਬੂਜ਼, ਕੱਦੂ, ਤੋਰੀ, ਲੌਕੀ, ਕਰੇਲਾ ਆਦਿ ਉੱਪਰ ਹਮਲਾ ਕਰਦੀ ਹੈ। ਇਸ ਵੱਲੋਂ ਸਭ ਤੋਂ ਵੱਧ ਨੁਕਸਾਨ ਕੱਦੂ, ਲੌਕੀ (ਅੱਲ) ਦਾ ਕੀਤਾ ਜਾਂਦਾ ਹੈ। ਕਰੇਲੇ ਅਤੇ ਤੋਰੀ ਵਿੱਚ ਇਹਨਾਂ ਦੇ ਮੁਕਾਬਲੇ ਘੱਟ ਨੁਕਸਾਨ ਕਰਦੀ ਹੈ।

ਨੁਕਸਾਨ
ਬਾਲਗ ਅਤੇ ਗਰੱਬ ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਅਤੇ ਫੁੱਲ ਲੱਗਣ ਦੀ ਅਵਸਥਾ ਵਿੱਚ ਪੱਤੇ ਅਤੇ ਫੁੱਲ ਖਾ ਕੇ ਨੁਕਸਾਨ ਕਰਦੇ ਹਨ। ਇਹ ਪੱਤਿਆਂ ਵਿੱਚ ਮੋਰੀ ਕਰਦੇ ਹਨ ਜਿਸ ਨਾਲ ਪੌਦਾਂ ਜਾਂ ਤਾਂ ਖ਼ਤਮ ਹੋ ਜਾਂਦਾ ਹੈ ਜਾਂ ਵਿਕਾਸ ਰੁਕ ਜਾਂਦਾ ਹੈ। ਪੌਦਿਆਂ ਦੀ ਅਰੰਭਿਕ ਅਵਸਥਾ ਵਿੱਚ ਇਹਨਾਂ ਦਾ ਹਮਲਾ ਹੋਣ ਕਰਕੇ ਫਸਲ ਨੂੰ ਫਲ ਦੇਣ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ। ਜ਼ਿਆਦਾ ਹਮਲਾ ਹੋਣ ਤੇ ਦੁਬਾਰਾ ਬਿਜਾਈ ਵੀ ਕਰਨੀ ਪੈ ਸਕਦੀ ਹੈ। ਲਾਰਵਾ ਮਿੱਟੀ ਵਿੱਚ ਰਹਿੰਦੇ ਹਨ ਅਤੇ ਪੌਦੇ ਦੀਆਂ ਜੜ੍ਹਾਂ ਅਤੇ ਡੰਡੀਆਂ ਖਾਂਦੇ ਹਨ। ਜਦੋਂ ਫਲ ਜਾਂ ਪੱਤੇ ਵੀ ਮਿੱਟੀ ਨਾਲ ਲੱਗਦੇ ਹਨ ਤਾਂ ਇਹ ਉਹਨਾਂ ਨੂੰ ਵੀ ਖਾ ਜਾਂਦੇ ਹਨ। ਇਹਨਾਂ ਦੇ ਕਰਕੇ ਉੱਲੀ ਵੀ ਆ ਜਾਂਦੀ ਹੈ। ਇਹ ਅਕਸਰ ਸਮੂਹ ਵਿੱਚ ਨਵੇਂ ਅਤੇ ਵੱਡੇ ਪਤਿਆ ਉੱਪਰ ਹੁੰਦੀਆਂ ਹਨ ਅਤੇ ਪੱਤਿਆਂ ਨੂੰ ਖਾਂਦੀਆਂ ਹਨ ਜਿਸ ਕਰਕੇ ਪੱਤੇ ਵਿੱਚ ਵੱਡੇ ਮੋਰੇ ਨਜ਼ਰ ਆਉਂਦੇ ਹਨ। ਇਹ ਅਗਲੇ ਪੱਤੇ ਤੇ ਉਦੋਂ ਜਾਂਦੀਆਂ ਹਨ ਜਦ ਇੱਕ ਪੱਤੇ ਨੂੰ ਪੂਰਾ ਖਤਮ ਕਰ ਲੈਣ ਤੇ ਸਿਰਫ ਉਸਦਾ ਪਿੰਜਰ ਰਹਿ ਜਾਵੇ।
ਕੰਟਰੋਲ
ਇਸ ਭੂੰਡੀ ਵਿੱਚ ਕੁੱਝ ਅਜਿਹੇ ਰਸਾਇਣ ਹੁੰਦੇ ਹਨ ਕਿ ਸ਼ਿਕਾਰੀ ਕੀਟ ਇਸਤੋਂ ਪਰਹੇਜ਼ ਕਰਦੇ ਹਨ। ਇਸਦੇ ਚਮਕੀਲੇ ਰੰਗ ਸ਼ਿਕਾਰੀਆਂ ਨੂੰ ਇਹ ਚੇਤਾਵਨੀ ਦਿੰਦੇ ਹਨ ਕਿ ਇਹ ਬੇਸੁਆਦ ਹਨ। ਇਸਲਈ ਕਿਸਾਨਾਂ ਨੂੰ ਉਹ ਕੀਟ ਪ੍ਰਤੀਰੋਧੀ ਕਿਸਮਾਂ ਉਗਾਉਣੀਆਂ ਚਾਹੀਦੀਆਂ ਹਨ।
• ਇਹਨਾਂ ਦੇ ਹਮਲੇ ਦੀਆਂ ਸ਼ਿਕਾਰ ਫਸਲਾਂ ਦੇ ਕੋਲ ਨਵੀਆਂ ਫਸਲਾਂ ਨਹੀ ਲਗਾਉਣੀਆਂ ਚਾਹੀਦੀਆਂ।
• ਸਵੇਰ ਦੇ ਸਮੇਂ ਜਾਂ ਸ਼ਾਮ ਨੂੰ ਇਸ ਭੂੰਡੀ ਨੂੰ ਆਸਾਨੀ ਨਾਲ ਪਕੜਿਆ ਜਾ ਸਕਦਾ ਹੈ। ਇਹ ਤਰੀਕਾ ਘਰੇਲੂ ਬਗੀਚੀ ਵਿੱਚ ਉਪਯੋਗੀ ਹੋ ਸਕਦਾ ਹੈ।
• ਸੁਆਹ- ਅੱਧਾ ਕੱਪ ਸੁਆਹ (ਸਿਰਫ ਲੱਕੜੀ, ਪਾਥੀਆਂ, ਛਟੀਂਆਂ ਦੀ ਸੁਆਹ)ਅਤੇ ਅੱਧਾ ਕੱਪ ਚੂਨਾ 4 ਲਿਟਰ ਪਾਣੀ ਵਿੱਚ ਮਿਲਾਓ। ਇਸਨੂੰ ਕੁੱਝ ਘੰਟੇ ਪਿਆ ਰਹਿਣ ਦਿਉ। ਵੱਡੇ ਪੱਧਰ ਤੇ ਛਿੜਕਾਅ ਕਰਨ ਤੋਂ ਪਹਿਲਾਂ ਕੁੱਝ ਪੌਦਿਆਂ ਉੱਪਰ ਕਰਕੇ ਵੇਖੋ।
• ਨਿਮੋਲੀ ਦੇ 5% ਘੋਲ ਨੂੰ ਛਿੜਕ ਕੇ ਮਾਦਾ ਨੂੰ ਅੰਡੇ ਦੇਣ ਤੋ ਰੋਕਿਆ ਜਾ ਸਕਦਾ ਹੈ।

No comments:

Post a Comment

Thanks for your feedback....